ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਨੌਜਵਾਨਾਂ ਦੇ ਰੋਜ਼ਗਾਰ ਲਈ ਰਜਿਸਟ੍ਰੇਸ਼ਨ ਕੈਂਪ ਆਯੋਜਿਤ
ਹਲਕਾ ਪਾਇਲ ਦੇ ਨੌਜਵਾਨਾਂ ਨੂੰ ਪੈਰਾਂ ਸਿਰ ਖੜ੍ਹੇ ਕਰਨਾ ਮੁੱਖ ਟੀਚਾ – ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ
ਪਾਇਲ/ਲੁਧਿਆਣਾ, 08 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਯੋਜਨਾ ਤਹਿਤ, ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ ਨੌਕਰੀ ਕਰਨ ਦੇ ਚਾਹਵਾਨ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ।
ਵਿਧਾਨ ਸਭਾ ਹਲਕਾ ਪਾਇਲ ਵਿਧਾਇਕ ਸ਼੍ਰੀ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਐਸ.ਡੀ.ਐਮ. ਪਾਇਲ ਜਸਲੀਨ ਭੁੱਲਰ ਅਤੇ ਮਿਸ ਸੁਖਮਨ ਮਾਨ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਲੁਧਿਆਣਾ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।
ਵਿਧਾਇਕ ਗਿਆਸਪੁਰਾ ਦੇ ਯਤਨਾਂ ਸਦਕਾ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਸਹਿਯੋਗ ਨਾਲ ਹਲਕਾ ਪਾਇਲ ਦੇ ਨੌਜਵਾਨਾਂ ਲਈ ਚੰਗੀ ਨੌਕਰੀ ਉਪਲੱਬਧ ਕਰਵਾ ਕੇ ਉਨ੍ਹਾਂ ਦੇ ਭਵਿੱਖ ਸੁਧਾਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਸ ਮੁਹਿੰਮ ਤਹਿਤ ਹਲਕਾ ਪਾਇਲ ਦੇ ਨੌਜਵਾਨਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਸਮਾਗਮ ਦੌਰਾਨ ਲਗਭਗ 400 ਬੱਚਿਆ ਨੇ ਹਿੱਸਾ ਲਿਆ ਹੈ। ਬੱਚਿਆ ਦਾ ਭਵਿੱਖ ਸਵਾਰਨ ਲਈ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਦੇ ਸਪੀਕਰ ਸ਼੍ਰੀ ਗੌਰਵ ਬਾਲੀ ਨੇ ਸਖ਼ਸ਼ੀਅਤ ਵਿਕਾਸ ‘ਤੇ ਚਾਨਣਾ ਪਾਇਆ ਗਿਆ।
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਪਲੇਸਮੈਂਟ ਅਫਸਰ ਸ਼੍ਰੀ ਘਣਸ਼ਿਆਮ ਅਤੇ ਕੈਰੀਅਰ ਕਾਉਂਸਲਰ ਸ਼੍ਰੀ ਅਨੁਜ ਦੱਤਾ ਨੇ ਬੱਚਿਆ ਦਾ ਮਾਰਗ ਦਰਸ਼ਨ ਕੀਤਾ। ਸ੍ਰੀ ਪ੍ਰਿੰਸ ਕੁਮਾਰ ਭਾਰਦਵਾਜ ਵੱਲੋਂ ਜਿਲ੍ਹਾ ਲੁਧਿਆਣਾ ਵਿਖੇ ਚੱਲ ਰਹੇ ਵੱਖ-ਵੱਖ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਸਟਾਫ ਵੱਲੋਂ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕੀਤੀ ਗਈ।