ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਬਾ ਮੀਹਾ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਡਾਂਗੋ ਵਿਖੇ 25ਵਾਂ ਸੰਤ ਸਮਾਗਮ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ
ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸੰਤ ਡਾਂਗੋ ਵਾਲਿਆਂ ਦਾ ਯੋਗਦਾਨ ਸ਼ਲਾਘਾਯੋਗ-ਗੋਸ਼ਾ !
ਲੁਧਿਆਣਾ 29 ਜਨਵਰੀ ( ਮਨਪ੍ਰੀਤ ਸਿੰਘ ਅਰੋੜਾ )- ਗੁਰਮਤਿ ਪ੍ਰਚਾਰ ਮਿਸ਼ਨ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲਿਆਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਵਾਲਿਆਂ ਦੇ ਜਨਮ ਦਿਵਸ ਤੇ ਸਲਾਨਾ 25ਵਾਂ ਮਹਾਨ ਸੰਤ ਸਮਾਗਮ ਅਤੇ ਵਿਸ਼ਾਲ ਨਗਰ ਕੀਰਤਨ ਦੌਰਾਨ ਸ੍ਰੀ ਨਾਨਕਸਰ ਦਰਬਾਰ ਡਾਂਗੋ ਵਿਖੇ ਸਜਾਇਆ ਗਿਆ। ਦਸ ਦਿਨਾਂ ਤੱਕ ਚੱਲੇ ਇਨਾਂ ਸਮਾਗਮਾਂ ਦੌਰਾਨ ਅਨੇਕਾਂ ਸੰਤਾ ਮਹਾਂਪੁਰਖਾਂ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਆਖਰੀ ਦਿਨ ਪਾਏ ਗਏ ਭੋਗਾਂ ਦੀ ਸਮਾਪਤੀ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਕੀਰਤਨੀ ਜੱਥਿਆਂ ਸਮੇਤ ਸਤਨਾਮ ਸਿੰਘ ਚਮਿੰਡਾ ਦੇ ਢਾਡੀ ਜੱਥੇ ਨੇ ਗੁਰੂ ਸਾਹਿਬਾਨ ਦੇ ਇਤਿਹਾਸ ਨਾਲ ਜੁੜੀਆਂ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਨਗਰ ਕੀਰਤਨ ਵਿੱਚ ਸ਼ਾਮਿਲ ਵੱਖ-ਵੱਖ ਬੈਂਡ ਪਾਰਟੀਆਂ ਗੁਰਬਾਣੀ ਦੀਆਂ ਮਨਮੋਹਕ ਧੁੰਨਾ ਦੇ ਨਾਲ ਜਿੱਥੇ ਸੰਗਤਾਂ ਨੂੰ ਮੰਤਰ ਮੁਗਧ ਕਰ ਰਹੀਆਂ ਸਨ। ਉੱਥੇ ਹੀ ਖਾਲਸਾਈ ਬਾਣੇ ਵਿੱਚ ਸਜੇ ਗੱਤਕਾ ਪਾਰਟੀ ਦੇ ਸਿੰਘ ਵੀ ਆਪਣੇ ਜੋਹਰਾਂ ਦੇ ਨਾਲ ਜੋਸ਼ ਭਰ ਰਹੇ ਸਨ। ਨਗਰ ਕੀਰਤਨ ਦੇ ਰਸਤੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਵੀ ਜਗ੍ਹਾ ਜਗ੍ਹਾ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ। ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰਨ ਵਾਲੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਸਮੇਤ ਨਾਨਕਸਰ ਦਰਬਾਰ ਡਾਂਗੋਂ ਵਿਖੇ ਸਾਰਾ ਸਾਲ ਚੱਲਣ ਵਾਲੇ ਅਨੇਕਾਂ ਸਮਾਗਮਾਂ ਦੌਰਾਨ ਸਾਊਂਡ ਅਤੇ ਨਾਨਕਸਰ ਮੀਡੀਆ ਦੁਆਰਾ ਲਾਈਵ ਟੈਲੀਕਾਸਟ ਦੀ ਸੇਵਾ ਨਿਭਾਉਣ ਵਾਲੇ ਭਾਈ ਗੁਰਪ੍ਰੀਤ ਸਿੰਘ ਸਮੇਤ ਪੱਤਰਕਾਰ ਭਾਈਚਾਰੇ ਦਾ ਵੀ ਮੁੱਖ ਸੇਵਾਦਾਰ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਨਗਰ ਕੀਰਤਨ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਨੂੰ ਵੀ ਬਾਬਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਸ ਦੌਰਾਨ ਗੁਰਦੀਪ ਸਿੰਘ ਗੋਸ਼ਾ ਨੇ ਆਪਣੇ ਸੰਬੋਧਨ ਸਮੇਂ ਕਿਹਾ ਕਿ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲਿਆਂ ਵੱਲੋਂ ਧਾਰਮਿਕ ਅਤੇ ਸਮਾਜਿਕ ਖੇਤਰ ਦੇ ਵਿੱਚ ਪਾਇਆ ਜਾਂਦਾ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਹਨ। ਨਗਰ ਕੀਰਤਨ ਦੇ ਵਿੱਚ ਬਾਬਾ ਜਸਵਿੰਦਰ ਸਿੰਘ ਖੰਜਰਵਾਲ, ਬਾਬਾ ਸਿਮਰਨਜੀਤ ਸਿੰਘ ਬੱਸੀਆਂ, ਜਸਵੰਤ ਸਿੰਘ ਬੜੈਚ ਏ.ਡੀ.ਸੀ ਫਿਰੋਜਪੁਰ, ਭਾਜਪਾ ਆਗੂ ਗੁਰਦੀਪ ਸਿੰਘ ਗੋਸ਼ਾ ਭਾਰਤੀ ਕਿਸਾਨ ਯੂਨੀਅਨ ਚੜੂਨੀ ਤੋਂ ਜਗਜੀਤ ਸਿੰਘ ਅਰੋੜਾ, ਕੈਪਟਨ ਕੁਲਵੰਤ ਸਿੰਘ, ਹਰਨੇਕ ਸਿੰਘ ਗਿੱਲ, ਸੁਖਦੇਵ ਸਿੰਘ, ਹਰਦੀਪ ਸਿੰਘ, ਸੁਲੱਖਣ ਸਿੰਘ, ਕਸ਼ਮੀਰ ਸਿੰਘ ਤੋਂ ਇਲਾਵਾ ਜਗਦੇਵ ਸਿੰਘ ਦਿਓਲ,ਰਘੁਵੀਰ ਸਿੰਘ ਪੰਚ, ਭੁਪਿੰਦਰ ਸਿੰਘ, ਅਗੋਰਖ ਸਿੰਘ ਮੋਗਾ, ਪ੍ਰਦੀਪ ਸ਼ਰਮਾ ਇੰਗਲੈਂਡ, ਪਰਮਿੰਦਰ ਸਿੰਘ ਲੀਲ, ਨਵਦੀਪ ਸਿੰਘ ਜਲੰਧਰ, ਆਦਿ ਵੱਡੀ ਗਿਣਤੀ ਵਿੱਚ ਹੋਰ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ। ਨਗਰ ਕੀਰਤਨ ਦੀ ਸਮਾਪਤੀ ਉਪਰੰਤ ਬਾਬਾ ਸਰਬਜੋਤ ਸਿੰਘ ਜੀ ਡਾਂਗੋ ਵਾਲਿਆਂ ਵੱਲੋਂ ਨਗਰ ਕੀਰਤਨ ਦੇ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਹੀ ਪਾਰਟੀਆਂ ਅਤੇ ਵਿਸੇਸ਼ ਸੇਵਾ ਨਿਭਾਉਣ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸਨਮਾਨ ਵੀ ਕੀਤਾ ਗਿਆ।