ਗਲਾਡਾ ਵਲੋਂ ਕੂੰਮ ਕਲਾਂ ‘ਚ ਸੈਂਕੜੇ ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਈ ਗਈ
ਲੁਧਿਆਣਾ, 6 ਜੁਲਾਈ (ਮਨਪ੍ਰੀਤ ਸਿੰਘ ਅਰੋੜਾ) – ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਜ਼ਿਲ੍ਹੇ ਦੇ ਕੂੰਮ ਕਲਾਂ ਖੇਤਰ ਅਧੀਨ ਪੈਂਦੇ ਸੇਖੋਵਾਲ, ਸਲੇਮਪੁਰ, ਸੇਲਕੀਆਣਾ, ਹੈਦਰ ਨਗਰ, ਗਰਚਾ, ਗੜ੍ਹੀ ਫਾਜ਼ਿਲ ਵਿੱਚ ਸੈਂਕੜੇ ਏਕੜ ਜ਼ਮੀਨ ਤੋਂ ਕਬਜ਼ੇ ਹਟਾਏ ਗਏ.
ਇਹ ਕਾਰਵਾਈ ਸਰਕਾਰ ਦੇ ਹੁਕਮਾਂ ‘ਤੇ ਕੀਤੀ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਮਿੱਤਰ ਸਕੀਮ ਤਹਿਤ ਮੈਗਾ ਟੈਕਸਟਾਈਲ ਪਾਰਕ ਬਣਾਉਣ ਲਈ ਜ਼ਮੀਨ ਦੀ ਤਜਵੀਜ਼ ਸੀ।
ਹੁਕਮਾਂ ਅਨੁਸਾਰ ਗਲਾਡਾ, ਮਾਲ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਭਾਰੀ ਪੁਲਿਸ ਫੋਰਸ ਨਾਲ ਕਬਜ਼ੇ ਹਟਾਉਣ ਲਈ ਪੁੱਜੀ।
ਇਕ ਬੁਲਾਰੇ ਨੇ ਕਿਹਾ ਕਿ ਕਾਰਵਾਈ ਤੋਂ ਪਹਿਲਾਂ ਢੁਕਵੇਂ ਜਨਤਕ ਐਲਾਨਾਂ ਨੂੰ ਯਕੀਨੀ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਬਜ਼ਿਆਂ ਵਿੱਚ ਝੁੱਗੀਆਂ, ਚਾਰਦੀਵਾਰੀ ਤੋਂ ਇਲਾਵਾ ਇਨ੍ਹਾਂ ਖੇਤਰਾਂ ਵਿੱਚ ਜ਼ਮੀਨਾਂ ਦੇ ਆਲੇ-ਦੁਆਲੇ ਕੰਡਿਆਲੀ ਤਾਰ ਵੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਗਲਾਡਾ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਅਣ-ਅਧਿਕਾਰਤ ਕਬਜ਼ੇ ਹਟਾਉਣ ਦੀ ਮੁਹਿੰਮ ਉਲੀਕਣ ਦੀ ਵੀ ਯੋਜਨਾ ਬਣਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਣਅਧਿਕਾਰਤ ਕਲੋਨੀਆਂ ਵਿੱਚ ਜਾਇਦਾਦ/ਪਲਾਟ/ਇਮਾਰਤਾਂ ਨਾ ਖਰੀਦਣ ਕਿਉਂਕਿ ਗਲਾਡਾ ਵੱਲੋਂ ਵਾਟਰ ਸਪਲਾਈ, ਸੀਵਰੇਜ, ਬਿਜਲੀ ਕੁਨੈਕਸ਼ਨ, ਸਟਰੀਟ ਲਾਈਟਾਂ ਆਦਿ ਵਰਗੀਆਂ ਕੋਈ ਵੀ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ।