ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਮੁਖੀ ਰੇਖਾ ਸ਼ਰਮਾ ਖ਼ਿਲਾਫ਼ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਮਹੂਆ ਮੋਇਤਰਾ ਵੱਲੋਂ ਕੀਤੀ ਟਿੱਪਣੀ ਦਾ ਖ਼ੁਦ ਨੋਟਿਸ ਲੈਂਦਿਆਂ ਪੁਲੀਸ ਨੂੰ ਉਨ੍ਹਾਂ (ਮੋਇਤਰਾ) ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਅਪੀਲ ਕੀਤੀ ਹੈ। ਮੋਇਤਰਾ ਨੇ ‘ਐਕਸ’ ਉੱਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਕੌਮੀ ਮਹਿਲਾ ਕਮਿਸ਼ਨ ਮੁਖੀ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਹੋਈ ਭਗਦੜ ਵਾਲੇ ਸਥਾਨ ਵਲ ਜਾਂਦੀ ਦਿਖਾਈ ਦੇ ਰਹੀ ਹੈ, ’ਤੇ ਟਿੱਪਣੀ ਕੀਤੀ ਸੀ ਕਿ ‘‘ਉਹ (ਰੇਖਾ ਸ਼ਰਮਾ) ਆਪਣੇ ਬੌਸ ਦਾ ਪਜਾਮਾ ਸੰਭਾਲਣ ’ਚ ਰੁੱਝੀ ਹੋਈ ਹੈ।’’ਕੌਮੀ ਮਹਿਲਾ ਕਮਿਸ਼ਨ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਇਹ ਘਟੀਆ ਟਿੱਪਣੀ ਅਪਮਾਨਜਨਕ ਹੈ ਅਤੇ ਮਰਿਆਦਾ ’ਚ ਰਹਿਣ ਵਾਲੀ ਇੱਕ ਔਰਤ ਦੇ ਅਧਿਕਾਰ ਦੀ ਉਲੰਘਣਾ ਹੈ। ਕਮਿਸ਼ਨ ਮੁਤਾਬਕ ਇਹ ਟਿੱਪਣੀ ਭਾਰਤੀ ਨਿਆਏ ਸੰਹਿਤਾ 2023 ਦੀ ਧਾਰਾ 79 ਅਧੀਨ ਆਉਂਦੀ ਹੈ।’’ ਐੱਨਸੀਡਬਲਿਊ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਸਬੰਧੀ ਦਿੱਲੀ ਪੁਲੀਸ ਨੂੰ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਮੋਇਤਰਾ ਦੀ ਟਿੱਪਣੀ ਨਿੰਦਣਯੋਗ ਹੈ ਅਤੇ ਇੱਕ ਸੰਸਦ ਮੈਂਬਰ ਵਜੋਂ ਇਹ ਉਨ੍ਹਾਂ ਦੇ ਰੁਤਬੇ ਮੁਤਾਬਕ ਢੁੱਕਵੀਂ ਨਹੀਂ ਹੈ। ਕਮਿਸ਼ਨ ਨੇ ਲੋਕ ਸਭਾ ਸਪੀਕਰ ਨੂੰ ਮਾਮਲੇ ਦਾ ਨੋਟਿਸ ਲੈਣ ਤੇ ਮੋਇਤਰਾ ਖ਼ਿਲਾਫ਼ ਢੁੱਕਵਾਂ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਕੌਮੀ ਮਹਿਲਾ ਕਮਿਸ਼ਨ ਨੇ ਦਿੱਲੀ ਪੁਲੀਸ ਨੂੰ ਭੇਜੇ ਪੱਤਰ ’ਚ ਲਿਖਿਆ, ‘‘ਮੋਇਤਰਾ ਖਿਲਾਫ਼ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਤਿੰਨ ਦਿਨਾਂ ਦੇ ਅੰਦਰ ਕਮਿਸ਼ਨ ਨੂੰ ਕਾਰਵਾਈ ਰਿਪੋਰਟ ਤੋਂ ਜਾਣੂ ਕਰਵਾਇਆ ਜਾਵੇ।’’ ਹਾਲਾਂਕਿ ਮੋਇਤਰਾ ਨੇ ਬਾਅਦ ’ਚ ਇਹ ਪੋਸਟ ਡਿਲੀਟ ਕਰ ਦਿੱਤੀ। ਅਸਲ ਪੋਸਟ ’ਚ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਪਿੱਛੇ ਹੱਥ ’ਚ ਛੱਤਰੀ ਫੜ ਕੇ ਖੜ੍ਹਾ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ। ਐੱਨਸੀਡਬਲਿਊ ਦੀ ਪੋਸਟ ਨੂੰ ਦੁਬਾਰਾ ਪੋਸਟ ਕਰਦਿਆਂ ਮੋਇਤਰਾ ਨੇ ਕਿਹਾ, ‘‘ਦਿੱਲੀ ਪੁਲੀਸ ਆ ਜਾਓ ਅਤੇ ਆਪੂੰ ਜਾਰੀ ਕੀਤੇ ਹੁਕਮਾਂ ’ਤੇ ਕਾਰਵਾਈ ਕਰੋ। ਮੈਂ ਨਾਦੀਆ ਵਿੱਚ ਹਾਂ।’’