ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕੀਤਾ ਖੂਨ ਦਾਨ
ਮਨੁੱਖਤਾ ਦੀ ਸੇਵਾ ਲਈ ਖੂਨ ਦਾਨ ਸਭ ਤੋਂ ਉਤਮ ਦਾਨ- ਈ ਟੀ ਓ
ਜੰਡਿਆਲਾ ਗੁਰੂ, 20 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਅੱਜ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿਚ ਪਹੁੰਚ ਕੇ ਨਾ ਸਿਰਫ ਕੈਂਪ ਦਾ ਉਦਘਾਟਨ ਕੀਤਾ, ਬਲਕਿ ਆਪ ਖੂਨਦਾਨ ਵੀ ਕੀਤਾ। ਉਨਾਂ ਕਿਹਾ ਕਿ ਖੂਨਦਾਨ ਉਤਮ ਦਾਨ ਹੈ ਅਤੇ ਮਨੁੱਖਤਾ ਦੀ ਸੇਵਾ ਲਈ ਕੀਤਾ ਜਾਣ ਵਾਲਾ ਸਭ ਤੋਂ ਮਹੱਤਵ ਪੂਰਨ ਕਾਰਜ ਹੈ, ਜੋ ਕਿ ਕਿਸੇ ਨਾ ਕਿਸੇ ਦੀ ਜਾਨ ਬਚਾਉਣ ਦੇ ਕੰਮ ਆਉਂਦਾ ਹੈ। ਉਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਮੈਨੂੰ ਇਸ ਕੈਂਪ ਦੇ ਉਦਘਾਟਨ ਦੀ ਰਸਮ ਮੌਕੇ ਇਸ ਸੰਸਥਾ ਦੀ ਬਦੌਲਤ ਖੂਨਦਾਨ ਕਰਨ ਦਾ ਮੌਕਾ ਮਿਲਿਆ। ਉਨਾਂ ਕਿਹਾ ਕਿ ਇਹ ਸੰਸਥਾ ਅੱਗੇ ਵੀ ਸਾਡੇ ਸ਼ਹਿਰ ਲਈ ਸਫਾਈ ਮੁਹਿੰਮ ਦਾ ਵੱਡਾ ਕੰਮ ਕਰ ਚੁੱਕੀ ਹੈ ਅਤੇ ਹੁਣ ਇੰਨਾ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ ਮਨੁੱਖਤਾ ਦੀ ਭਲਾਈ ਲਈ ਵੱਡਾ ਕਾਰਜ ਹੈ। ਉਨਾਂ ਆਪਣੇ ਦੋਸਤਾਂ, ਸਨੇਹੀਆਂ ਨੂੰ ਵੀ ਵਾਤਾਵਰਣ ਦੀ ਸੰਭਾਲ ਤੇ ਮਨੁੱਖਤਾ ਦੀ ਸੇਵਾ ਲਈ ਹਰ ਵੇਲੇ ਸਰਗਰਮ ਰਹਿਣ ਦਾ ਸੱਦਾ ਦਿੱਤਾ।