ਪੇਂਟਿੰਗ ਮੁਕਾਬਲੇ ਦੇ ਜੇਤੂਆਂ ਦਾ ਸਾਈਕਲ ਤੇ ਗਿਫਟ ਹੈਂਪਰ ਨਾਲ ਸਨਮਾਨ , ਨਸ਼ਾ-ਵਿਰੋਧੀ ਮੁਹਿੰਮ ਨੂੰ ਸੂਬੇ ‘ਚ ਲੋਕ ਲਹਿਰ ਬਣਾਉਣਾ ਮੁੱਖ ਟੀਚਾ – ਮਨਦੀਪ ਸਿੰਘ ਸਿੱਧੂ !
ਲੁਧਿਆਣਾ, 10 ਨਵੰਬਰ (ਮਨਪ੍ਰੀਤ ਸਿੰਘ ਅਰੋੜਾ) 16 ਨਵੰਬਰ ਨੂੰ ਹੋਣ ਵਾਲੀ ਸਾਈਕਲ ਰੈਲੀ ਨੂੰ ਮੁੱਖ ਰੱਖਦਿਆਂ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਨਸ਼ਾਖੋਰੀ ਦੇ ਵਿਸ਼ੇ ‘ਤੇ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ 25 ਜੇਤੂਆਂ ਨੂੰ ਪਹਿਲੇ ਇਨਾਮ ਵਜੋਂ ਸਾਈਕਲ ਦਿੱਤੇ ਗਏ। ਇਸੇ ਤਰ੍ਹਾਂ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਲਗਭਗ 50 ਵਿਦਿਆਰਥੀਆਂ ਨੇ ਗਿਫਟ ਹੈਂਪਰ ਵੀ ਜਿੱਤੇ ਜਦਕਿ ਸਾਰੇ ਪ੍ਰਤੀਯੋਗੀਆਂ ਨੂੰ ਸਮਾਗਮ ਦੌਰਾਨ ਭਾਗੀਦਾਰੀ ਦੇ ਸਰਟੀਫਿਕੇਟ ਦਿੱਤੇ ਗਏ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 16 ਨਵੰਬਰ ਨੂੰ ਲੁਧਿਆਣਾ ਸ਼ਹਿਰ ਵਿਖੇ ਨਸ਼ਿਆਂ ਵਿਰੁੱਧ ਦੇਸ਼ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਕੱਢੀ ਜਾਵੇਗੀ। ਇਹ ਰੈਲੀ ਸਵੇਰੇ 7 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੇ 13 ਕਿਲੋਮੀਟਰ ਦੇ ਘੇਰੇ ਨੂੰ ਕਵਰ ਕਰਨ ਤੋਂ ਬਾਅਦ ਉਸੇ ਸਥਾਨ ‘ਤੇ ਸਮਾਪਤ ਹੋਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੈਗਾ ਸਾਈਕਲ ਰੈਲੀ ਤਹਿਤ ਕੁਝ ਦਿਨ ਪਹਿਲਾਂ ਸਕੂਲੀ ਵਿਦਿਆਰਥੀਆਂ ਵਿੱਚ ‘ਤਾਰੇ ਜ਼ਮੀਨ ਪਰ’ ਨਾਮਕ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਸੀ, ਜਿਸ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਦਰਸਾਉਂਦੀਆਂ ਪੇਂਟਿੰਗ ਤਿਆਰ ਕੀਤੀਆਂ ਗਈਆਂ ਸਨ। ਇਨਾਮ ਵੰਡ ਸਮਾਗਮ ਦੌਰਾਨ ਪਹਿਲੇ 25 ਵਿਦਿਆਰਥੀਆਂ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਸਾਈਕਲ ਦਿੱਤੇ ਗਏ ਜਦਕਿ ਬਾਕੀਆਂ ਨੂੰ ਗਿਫ਼ਟ ਹੈਂਪਰ ਅਤੇ ਭਾਗੀਦਾਰੀ ਦੇ ਸਰਟੀਫਿਕੇਟ ਦਿੱਤੇ ਗਏ। ਪੁਲਿਸ ਕਮਿਸ਼ਨਰ ਸਿੱਧੂ ਵਲੋਂ ਇਸ ਮੈਗਾ ਈਵੈਂਟ ਨੂੰ ਮੁੱਖ ਸਪਾਂਸਰ ਵਜੋਂ ਕਰਵਾਉਣ ਲਈ ਐਨ.ਜੀ.ਓ ਗੋਲਮੇਜ਼ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਸਾਈਕਲ ਰੈਲੀ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਸਮੂਹਿਕ ਯਤਨਾਂ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਲਈ ਇਹ ਰੈਲੀ ਨਸ਼ਿਆਂ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਇੱਕ ਚਾਨਣ ਮੁਨਾਰੇ ਵਜੋਂ ਕੰਮ ਕਰੇਗੀ। ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਤਾਂ ਜੋ ਸੂਬੇ ਵਿੱਚ ਇਸ ਨੂੰ ਸਫਲ ਬਣਾਇਆ ਜਾ ਸਕੇ।
ਇਸ ਮੌਕੇ ਜੇ.ਸੀ.ਪੀ. ਸਿਟੀ ਸੌਮਿਆ ਮਿਸ਼ਰਾ, ਡੀ.ਸੀ.ਪੀ. ਵਰਿੰਦਰ ਬਰਾੜ, ਡੀ.ਸੀ.ਪੀ. ਹੈਡ ਕੁਆਰਟਰ ਰੁਪਿੰਦਰ ਸਿੰਘ, ਏ.ਡੀ.ਸੀ.ਪੀ. ਰੁਪਿੰਦਰ ਕੌਰ ਭੱਟੀ, ਏ.ਡੀ.ਸੀ.ਪੀ. ਸੋਹੇਲ ਮੀਰ, ਏ.ਡੀ.ਸੀ.ਪੀ. ਵੈਭਵ ਸਹਿਗਲ, ਏ.ਡੀ.ਸੀ.ਪੀ. ਰੁਪਿੰਦਰ ਸਰਾਂ, ਡੀ.ਈ.ਓ. ਸੈਕੰਡਰੀ ਡਿੰਪਲ ਮਦਾਨ ਅਤੇ ਰਾਊਂਡ ਟੇਬਲ ਇੰਡੀਆ ਦੇ ਨੁਮਾਇੰਦੇ ਵੀ ਮੌਜੂਦ ਸਨ।