ਕਪੂਰਥਲਾ 12ਅਪ੍ਰੈਲ (ਪ੍ਰੀਤੀ ਜੱਗੀ): ਕਪੂਰਥਲਾ ਪੁਲਿਸ ਨੇ ਇੱਕ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਗੁੰਮ ਹੋਏ 110 ਮੋਬਾਇਲ ਫ਼ੋਨ ਬਰਾਮਦ ਕੀਤੇ ਹਨ, ਜਿਸ ਵਿੱਚੋਂ ਮੋਬਾਈਲ ਮਾਲਕਾਂ ਨੂੰ ਸੂਚਿਤ ਕਰਨ ‘ਤੇ ਪੁਲਿਸ ਲਾਈਨ ਪੁੱਜੇ 65 ਮੋਬਾਈਲ ਮਾਲਕਾਂ ਨੂੰ ਉਨ੍ਹਾਂ ਦੇ ਮੋਬਾਈਲ ਵਾਪਸ ਕਰ ਦਿੱਤੇ ਗਏ।ਇਹ ਜਾਣਕਾਰੀ ਐਸਐਸਪੀ ਗੌਰਵ ਤੁਰਾ ਨੇ ਦਿੱਤੀ ਹੈ। ਮੋਬਾਈਲ ਮਾਲਕਾਂ ਨੇ ਕਪੂਰਥਲਾ ਪੁਲਿਸ ਦਾ ਧੰਨਵਾਦ ਕੀਤਾ ਹੈ। ਐਸ.ਐਸ.ਪੀ ਗੌਰਵ ਤੂਰਾ ਨੇ ਪੁਲਿਸ ਲਾਈਨ ਵਿਖੇ ਮੀਟਿੰਗ ਦੌਰਾਨ ਵੱਖ-ਵੱਖ ਇਲਾਕਿਆਂ ਤੋਂ ਆਏ ਪੀੜਤਾਂ ਦੀ ਪਹਿਚਾਣ ਕਰਕੇ ਮੋਬਾਈਲ ਫ਼ੋਨ ਉਨ੍ਹਾਂ ਨੂੰ ਸੌਂਪੇ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਸੀ.ਈ.ਆਈ.ਆਰ ਪੋਰਟਲ ‘ਤੇ ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਆਈਟੀ ਸੈੱਲ ਅਤੇ ਸਾਈਬਰ ਕ੍ਰਾਈਮ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ 110 ਮੋਬਾਈਲ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚੋਂ 65 ਮੋਬਾਈਲ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ ਹਨ।ਬਾਕੀ ਮੋਬਾਈਲ ਮਾਲਕਾਂ ਨਾਲ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ। ਮੋਬਾਈਲ ਜਲਦੀ ਹੀ ਉਨ੍ਹਾਂ ਨੂੰ ਸੌਂਪ ਦਿੱਤੇ ਜਾਣਗੇ। ਇਸ ਦੌਰਾਨ ਰਾਜਸਥਾਨ ਦੇ ਗੰਗਾਨਗਰ ਤੋਂ ਆਏ ਵਿਕਰਮ ਬਿਸ਼ਨੋਈ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ ਅਤੇ ਉਹ ਟਰੱਕ ਲੈ ਕੇ ਪਿਛਲੇ ਸਾਲ ਅਕਤੂਬਰ ਮਹੀਨੇ ਕਪੂਰਥਲਾ ਦੇ ਨਡਾਲਾ ਇਲਾਕੇ ਵਿੱਚ ਆਇਆ ਸੀ, ਜਿੱਥੇ ਉਸ ਦਾ ਮੋਬਾਈਲ ਗੁਆਚ ਗਿਆ। ਉਹ ਸਵੇਰੇ ਰਾਜਸਥਾਨ ਤੋਂ ਰਵਾਨਾ ਹੋਇਆ ਅਤੇ 12 ਵਜੇ ਇੱਥੇ ਪਹੁੰਚਿਆ।ਉਸ ਨੇ ਮੋਬਾਈਲ ਫੋਨ ਲੱਭ ਕੇ ਉਸ ਨੂੰ ਸੌਂਪਣ ਲਈ ਪੰਜਾਬ ਦੀ ਕਪੂਰਥਲਾ ਜ਼ਿਲ੍ਹਾ ਪੁਲਿਸ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਵਕੀਲਾਂ, ਨਿਗਮ ਕਰਮਚਾਰੀਆਂ, ਘਰੇਲੂ ਔਰਤਾਂ ਅਤੇ ਇੱਥੋਂ ਤੱਕ ਕਿ ਪੁਲਿਸ ਮੁਲਾਜ਼ਮਾਂ ਦੇ ਵੀ ਖੋਹੇ ਗਏ ਮੋਬਾਇਲ ਵਾਪਸ ਕਰ ਦਿੱਤੇ ਗਏ ਹਨ। ਐਸਐਸਪੀ ਗੌਰਵ ਤੁਰਾ ਨੇ ਅਪੀਲ ਕੀਤੀ ਕਿ ਮੋਬਾਈਲ ਗੁੰਮ ਹੋਣ ਜਾਂ ਚੋਰੀ ਹੋਣ ਦੀ ਸੂਰਤ ਵਿੱਚ ਸਾਈਬਰ ਕਰਾਈਮ ਦੇ ਟੋਲ ਫਰੀ ਨੰਬਰ 1930 ਜਾਂ ਸਾਈਬਰ ਕਰਾਈਮ ਦੀ ਵੈੱਬਸਾਈਟ ‘ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਪੋਰਟਲ ‘ਤੇ ਆਈਆਂ ਸ਼ਿਕਾਇਤਾਂ ਦੇ ਆਧਾਰ ‘ਤੇ ਕਾਰਵਾਈ ਕਰਦੀ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਾਈਬਰ ਕਰਾਈਮ ਤੋਂ ਬਚਣ ਲਈ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਜਾਅਲੀ ਕਾਲਾਂ ‘ਤੇ ਜਲਦੀ ਵਿਸ਼ਵਾਸ ਨਾ ਕਰੋ ਅਤੇ ਜਾਂਚ ਦੇ ਝੂਠੇ ਇਸ਼ਤਿਹਾਰਾਂ ਤੋਂ ਬਚੋ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਬੈਂਕ ਖਾਤੇ ਦਾ ਓਟੀਪੀ ਕਿਸੇ ਨਾਲ ਸਾਂਝਾ ਨਾ ਕਰੋ। ਇਸ ਮੌਕੇ ਐਸਪੀ ਹੈੱਡਕੁਆਟਰ ਗੁਰਪ੍ਰੀਤ ਸਿੰਘ, ਡੀਐਸਪੀ ਸਾਇਬਰ ਕ੍ਰਾਇਮ ਦਲਜੀਤ ਸਿੰਘ, ਡੀਐਸਪੀ ਸੁਖਪਾਲ ਸਿੰਘ ਰੰਧਾਵਾ, ਇੰਸਪੈਕਟਰ ਦੀਪਕ ਸ਼ਰਮਾ ਹਾਜ਼ਰ ਸਨ।