ਫਗਵਾੜਾ, ਕਪੂਰਥਲਾ 29 ਮਾਰਚ (ਪ੍ਰੀਤੀ ਜੱਗੀ)ਵਿਦੇਸ਼ ਭੇਜਣ ਦੇ ਨਾਮ ‘ਤੇ ਅਕਸਰ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਕਪੂਰਥਲਾ ਵਿੱਚ ਵਿਦੇਸ਼ ਭੇਜਣ ਦੇ ਨਾਂ ‘ਤੇ 20 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਦਾ ਕੋਈ ਪਹਿਲਾਂ ਮਾਮਲਾ ਨਹੀਂ ਹੈ। ਬੇਗੋਵਾਲ ਪੁਲਿਸ ਸਟੇਸ਼ਨ ਨੇ ਅੱਜ ਇੱਕ ਔਰਤ ਸਮੇਤ ਦੋ ਟ੍ਰੈਵਲ ਏਜੰਟਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਭਾਦਸ ਪਿੰਡ ਦੀ ਕੁਲਜੀਤ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪੁੱਤਰ ਬਲਪ੍ਰੀਤ ਸਿੰਘ ਨੂੰ ਅਮਰੀਕਾ ਭੇਜਣਾ ਚਾਹੁੰਦੀ ਸੀ।ਇਸ ਦੌਰਾਨ ਉਸ ਦੀ ਮੁਲਾਕਾਤ ਜਲੰਧਰ ਦੇ ਮਾਡਲ ਟਾਊਨ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਉਰਫ਼ ਸੁਮਨ ਨਾਲ ਹੋਈ। ਹਰਪ੍ਰੀਤ ਨੇ ਉਸ ਦੀ ਜਾਣ-ਪਛਾਣ ਜਲੰਧਰ ਦੇ ਪਿੰਡ ਥੰਮੂਵਾਲ ਦੇ ਜਸਵਿੰਦਰ ਸਿੰਘ ਨਾਲ ਕਰਵਾਈ। ਦੋਵਾਂ ਟ੍ਰੈਵਲ ਏਜੰਟਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ ਭੇਜਿਆ ਸੀ। ਉਸ ਨੇ ਬਲਪ੍ਰੀਤ ਨੂੰ ਵਰਕ ਪਰਮਿਟ ‘ਤੇ ਅਮਰੀਕਾ ਭੇਜਣ ਲਈ 42 ਲੱਖ ਰੁਪਏ ਦੀ ਮੰਗ ਕੀਤੀ।ਪੀੜਤਾ ਨੇ ਆਪਣੇ ਪੁੱਤਰ ਦਾ ਪਾਸਪੋਰਟ ਅਤੇ ਜ਼ਰੂਰੀ ਦਸਤਾਵੇਜ਼ ਉਨ੍ਹਾਂ ਨੂੰ ਸੌਂਪ ਦਿੱਤੇ। ਇਸ ਦੇ ਨਾਲ ਹੀ ਉਸ ਨੇ ਵੱਖ-ਵੱਖ ਕਿਸ਼ਤਾਂ ਵਿੱਚ 20 ਲੱਖ 38 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ, ਦੋਵਾਂ ਮੁਲਜ਼ਮਾਂ ਨੇ ਨਾ ਤਾਂ ਬਲਪ੍ਰੀਤ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਜਦੋਂ ਉਸ ਤੋਂ ਪੈਸੇ ਮੰਗੇ ਗਏ ਤਾਂ ਉਹ ਟਾਲ-ਮਟੋਲ ਕਰਨ ਲੱਗ ਪਿਆ। ਪੀੜਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪਿਛਲੇ ਸਾਲ ਅਗਸਤ ਵਿੱਚ ਜਾਂਚ ਸ਼ੁਰੂ ਕੀਤੀ ਸੀ। ਜਾਂਚ ਵਿੱਚ ਸਾਰੇ ਦੋਸ਼ ਸੱਚ ਪਾਏ ਗਏ। ਫਿਲਹਾਲ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।ਬੀਤੇ ਦਿਨੀਂ ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਫਰਜ਼ੀ ਟਰੈਵਲ ਏਜੰਟਾਂ ਨੂੰ ਲੈ ਕੇ ਕਾਫੀ ਸਖਤ ਹੈ। ਪੰਜਾਬ ਪੁਲਿਸ ਨੇ ਕਾਰਵਾਈ ਕਰਦੀਆਂ ਕਈ ਫਰਜ਼ੀ ਏਜੰਟਾਂ ਦੀਆਂ ਦੁਕਾਨਾਂ ਨੂੰ ਤਾਲਾ ਲਗਾ ਦਿੱਤਾ ਅਤੇ ਕਈ ਏਜੰਟਾਂ ਨੂੰ ਗ੍ਰਿਫ਼ਤਾਰ ਵੀ ਕੀਤਾ। ਪੰਜਾਬ ਵਿੱਚ ਕਈ ਏਜੰਟ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਧੰਦਾ ਦਾ ਕੰਮ ਕਰ ਰਹੇ ਹਨ ਉਨ੍ਹਾਂ ਦੇ ਵਿਰੁੱਧ ਸੂਬਾ ਸਰਕਾਰ ਕਾਫੀ ਸਖ਼ਤ ਹੈ।