ਈ ਟੀ ਓ ਵੱਲੋਂ ਭਾਰਤੀ ਹਾਕੀ ਟੀਮ ਨੂੰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ਉੱਤੇ ਮੁਬਾਰਕਾਂ, ਜੰਡਿਆਲਾ ਹਲਕੇ ਦੇ ਦੋ ਖਿਡਾਰੀਆਂ ਦੀ ਰਹੀ ਵੱਡੀ ਭੂਮਿਕਾ
ਅੰਮਿ੍ਤਸਰ, 13 ਅਗਸਤ (ਮਨਪ੍ਰੀਤ ਸਿੰਘ ਅਰੋੜਾ) ਚੇਨਈ ਵਿਖੇ ਖੇਡੇ ਏਸੀਅਨ ਹਾਕੀ ਚੈਂਪੀਅਨਜ਼ ਫ਼ਾਈਨਲ ਵਿੱਚ ਜਿਸ ਭਾਰਤੀ ਟੀਮ ਨੇ 4-3 ਨਾਲ ਮਲੇਸ਼ੀਆ ਨੂੰ ਹਰਾ ਕੇ ਖਿਤਾਬ ਜਿੱਤਿਆ ਹੈ, ਉਸ ਵਿੱਚ ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ ਤੇ ਜੁਗਰਾਜ ਸਿੰਘ ਨੇ ਗੋਲ ਕੀਤੇ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਅਜੇਤੂ ਰਹੀ ਹੈ, ਜੋ ਕਿ ਵੱਡੀ ਮਾਣ ਵਾਲੀ ਗੱਲ ਹੈ। ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ ਨੇ ਭਾਰਤੀ ਹਾਕੀ ਟੀਮ ਨੂੰ ਜਿੱਤ ਦੀ ਵਧਾਈ ਦਿੰਦੇ ਆਪਣੇ ਸੋਸ਼ਲ ਮੀਡੀਆ ਉਤੇ ਹਲਕੇ ਦੇ ਦੋ ਖਿਡਾਰੀਆਂ ਦਾ ਵਿਸ਼ੇਸ਼ ਜਿਕਰ ਕੀਤਾ ਹੈ, ਜੋ ਕਿ ਇਸ ਟੀਮ ਦੇ ਸੂਤਰਧਾਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਟੀਮ ‘ਚ ਬਹੁਤੇ ਖਿਡਾਰੀ ਪੰਜਾਬ ਦੇ ਸਨ ਅਤੇ ਇਸ ਤੋਂ ਵੱਧ ਖੁਸ਼ੀ ਹੋਈ ਹੈ ਕੁ ਇੰਨਾ ਵਿਚ ਮੇਰੇ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਰਜਧਾਨ ਤੋਂ ਖਿਡਾਰੀ ਸ ਜਰਮਨਪ੍ਰੀਤ ਸਿੰਘ ਅਤੇ ਪਿੰਡ ਖਲਹਿਰਾ ਤੋਂ ਹਾਕੀ ਖਿਡਾਰੀ ਸ ਗੁਰਜੰਟ ਸਿੰਘ ਇਸ ਟੀਮ ਦੇ ਅਹਿਮ ਅੰਗ ਹਨ। ਸ ਹਰਭਜਨ ਸਿੰਘ ਨੇ ਪੂਰੀ ਟੀਮ ਤੇ ਕੋਚ ਸਾਹਿਬਾਨ ਨੂੰ ਵਧਾਈਆਂ ਅਤੇ ਸ਼ੁੱਭ ਕਾਮਨਾਵਾਂ ਦਿੰਦੇ ਕਿਹਾ ਕਿ ਸ਼ਾਲਾ ਇਹ ਜੇਤੂ ਰੱਥ ਇਸ ਸਾਲ ਏਸ਼ੀਅਨ ਗੇਮਜ਼ ਤੇ ਅਗਲੇ ਸਾਲ ਓਲੰਪਿਕਸ ਗੇਮਜ਼ ਤੱਕ ਜਾਰੀ ਰਹੇ। ਉਨ੍ਹਾਂ ਹਲਕੇ ਦੇ ਦੋਵੇਂ ਖਿਡਾਰੀਆਂ ਦੇ ਪਰਿਵਾਰਾਂ ਨਾਲ ਫੋਨ ਉਤੇ ਗੱਲਬਾਤ ਕਰਕੇ ਵਧਾਈ ਦਿੱਤੀ ਅਤੇ ਖੁਸ਼ੀ ਸਾਂਝੀ ਕੀਤੀ !