ਸ਼ਹਿਰ ਦੇ ਸਾਰੇ 95 ਵਾਰਡਾਂ ਵਿੱਚ ਆਯੋਜਿਤ ਸਫਾਈ ਅਭਿਆਨ ਵਿੱਚ ਲਗਭਗ 5500 ਨਿਵਾਸੀਆਂ/ਵਿਦਿਆਰਥੀਆਂ/ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਅਤੇ ਨਗਰ ਨਿਗਮ ਕਰਮਚਾਰੀਆਂ ਨੇ ਲਿਆ ਭਾਗ
ਸ਼ਹਿਰ ਵਾਸੀਆਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਅਤੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਰੋਕਣ ਲਈ ‘ਪਲਾਸਟਿਕ ਮੁਕਤ’ ਸਮਾਗਮ ਕਰਵਾਏ ਗਏ
ਲੁਧਿਆਣਾ, 1 ਅਕਤੂਬਰ (ਮਨਪ੍ਰੀਤ ਸਿੰਘ ਅਰੋੜਾ) ‘ਸਵੱਛਤਾ’ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 154ਵੀਂ ਜਯੰਤੀ ‘ਤੇ ਸ਼ਰਧਾਂਜਲੀ (ਸਵੱਛਾਂਜਲੀ) ਦੇਣ ਲਈ, ਸ਼ਹਿਰ ਦੇ ਵਿਧਾਇਕ, ਵਸਨੀਕ ਅਤੇ ਨਗਰ ਨਿਗਮ ਦੇ ਕਰਮਚਾਰੀ ‘ਸ਼੍ਰਮਦਾਨ’ (ਸਵੈ-ਇੱਛਤ ਕਿਰਤ) ਲਈ ਇਕੱਠੇ ਹੋਏ ਅਤੇ ਸ਼ਹਿਰ ਭਰ ਵਿੱਚ ਐਤਵਾਰ ਸਵੇਰੇ ਚਲਾਏ ਗਏ ਸਫ਼ਾਈ ਅਭਿਆਨ ਵਿੱਚ ਹਿੱਸਾ ਲਿਆ।
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ‘ਸਵੱਛਤਾ’ ਮੁਹਿੰਮ – ‘ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ’ ਦੇ ਤਹਿਤ ਨਗਰ ਨਿਗਮ ਦੁਆਰਾ ਆਯੋਜਿਤ ਸਫਾਈ ਅਭਿਆਨ ਵਿੱਚ ਲਗਭਗ 5500 ਨਿਵਾਸੀਆਂ/ਵਿਦਿਆਰਥੀਆਂ/ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਅਤੇ ਨਗਰ ਨਿਗਮ ਕਰਮਚਾਰੀਆਂ ਨੇ ਹਿੱਸਾ ਲਿਆ। ਇਸ ਮੁਹਿੰਮ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਵੀ ਸ਼ਮੂਲੀਅਤ ਕੀਤੀ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੰਮ ਕਰਦੇ ਹੋਏ ਸ਼ਹਿਰ ਦੇ 95 ਵਾਰਡਾਂ ਵਿੱਚੋਂ ਹਰੇਕ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ ਅਤੇ ਵਸਨੀਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਦੀ ਅਪੀਲ ਕੀਤੀ ਗਈ।
ਸ਼ਹਿਰ ਵਾਸੀਆਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਅਤੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਸ਼ਹਿਰ ਭਰ ਦੇ ਸਮਾਗਮ ‘ਪਲਾਸਟਿਕ ਮੁਕਤ’ ਕਰਵਾਏ ਗਏ।
ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਦੇ ਨਾਲ ਰੇਲਵੇ ਕਰਾਸਿੰਗ ਨੇੜੇ ਨਿਰਮਲ ਨਗਰ ਵਿੱਚ ਸਫ਼ਾਈ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ। ਜਦਕਿ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਰਿਸ਼ੀ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਚਲਾਈ ਗਈ ਸਫ਼ਾਈ ਮੁਹਿੰਮ ‘ਚ ਸ਼ਿਰਕਤ ਕੀਤੀ।
ਇਸੇ ਤਰ੍ਹਾਂ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਟਿੱਬਾ ਰੋਡ ‘ਤੇ ਚਲਾਈ ਗਈ ਸਫਾਈ ਅਭਿਆਨ ‘ਚ ਸ਼ਿਰਕਤ ਕੀਤੀ, ਜਦਕਿ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਸੰਯੁਕਤ ਕਮਿਸ਼ਨਰ ਸੋਨਮ ਚੌਧਰੀ ਦੇ ਨਾਲ ਵਾਰਡ ਨੰਬਰ 26 ‘ਚ ਚਲਾਈ ਸਫਾਈ ਮੁਹਿੰਮ ‘ਚ ਸ਼ਿਰਕਤ ਕੀਤੀ।
ਵਿਧਾਇਕ ਸਿੱਧੂ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਸਮੇਤ ਵੱਖ-ਵੱਖ ਐਨ.ਜੀ.ਓ. ਅਤੇ ਵਿਦਿਆਰਥੀਆਂ ਨੇ ਬਸੰਤ ਪਾਰਕ ਇਲਾਕੇ ਤੋਂ ਸ਼ਹਿਰ ਵਾਸੀਆਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਵਸਤੂਆਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ। ਜਾਗਰੂਕਤਾ ਮੁਹਿੰਮ ਵਿੱਚ ਖਾਲਸਾ ਕਾਲਜ ਫਾਰ ਵੂਮੈਨ, ਸਰਕਾਰੀ ਕਾਲਜ ਫਾਰ ਗਰਲਜ਼ ਅਤੇ ਐਸ.ਸੀ.ਡੀ. ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਵਧੀਕ ਕਮਿਸ਼ਨਰ ਪਰਮਦੀਪ ਸਿੰਘ ਅਤੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਨੇ ਦੱਸਿਆ ਕਿ ਇਹ ਸਫਾਈ ਅਭਿਆਨ ‘ਸਵੱਛਤਾ ਹੀ ਸੇਵਾ’ ਅਤੇ ‘ਸਵੱਛ ਭਾਰਤ ਮਿਸ਼ਨ’ ਦੇ ਬੈਨਰ ਹੇਠ ਚਲਾਇਆ ਗਿਆ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਫਾਈ ਅਭਿਆਨ ਵਿੱਚ ਹਿੱਸਾ ਲੈਣ ਲਈ ਵਸਨੀਕਾਂ, ਗੈਰ ਸਰਕਾਰੀ ਸੰਗਠਨਾਂ, ਵਿਦਿਆਰਥੀਆਂ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਸਾਲਿਡ ਵੇਸਟ ਮੈਨੇਜਮੈਂਟ ਨੂੰ ਹੋਰ ਬਿਹਤਰ ਬਣਾਉਣ ਅਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਹੋਰ ਮੁਹਿੰਮਾਂ ਦਾ ਆਯੋਜਨ ਵੀ ਕੀਤਾ ਜਾਵੇਗਾ ਅਤੇ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਵਿੱਚ ਅਧਿਕਾਰੀਆਂ ਦਾ ਸਹਿਯੋਗ ਕਰਨ।
ਇਸ ਦੌਰਾਨ ਵਿਧਾਇਕ ਸਿੱਧੂ, ਵਿਧਾਇਕ ਗੋਗੀ, ਵਿਧਾਇਕ ਗਰੇਵਾਲ, ਵਿਧਾਇਕ ਮੁੰਡੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਅਤੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ। ਨਿਵਾਸੀਆਂ ਨੂੰ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਅਧਿਕਾਰੀਆਂ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ।
——