ਆਮ ਲੋਕਾਂ ਨਾਲ ਨੇੜਤਾ ਬਣਾਉਣ ਲਈ ਸ਼ੁਰੂ ਹੋਇਐ ‘ਸਰਕਾਰ ਤੁਹਾਡੇ ਦੁਆਰ’ ਪੋਗਰਾਮ : ਸਪੀਕਰ ਸੰਧਵਾਂ
ਕੋਟਕਪੂਰਾ, 12 ਅਗਸਤ ( ਮਨਪ੍ਰੀਤ ਸਿੰਘ ਅਰੋੜਾ ) :- ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਲੋਕਾਂ ਨਾਲ ਨੇੜਤਾ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ‘ਸਰਕਾਰ ਤੁਹਾਡੇ ਦੁਆਰ’ ਤਹਿਤ ਲੋਕਾਂ ਨੂੰ ਮਿਲ ਕੇ ਜਿੱਥੇ ਉਹਨਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਦਾ ਮੌਕਾ ਮਿਲਦਾ ਹੈ, ਉੱਥੇ ਸਬੰਧਤ ਵਿਭਾਗ ਦੇ ਅਧਿਕਾਰੀਆ ਦੀ ਕਾਰਗੁਜਾਰੀ ਬਾਰੇ ਵੀ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਉਹਨਾਂ ਅੱਜ ਸਥਾਨਕ ਨਗਰ ਕੌਂਸਲ ਵਿਖੇ ਸਵੇਰੇ 7:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾ ਦਾ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਆਪਣੀ ਡਿਊਟੀ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਨਿਭਾਉਣ ਵਾਲੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ 26 ਜਨਵਰੀ, 15 ਅਗਸਤ ਜਾਂ ਹੋਰ ਢੁੱਕਵੇਂ ਮੌਕਿਆਂ ’ਤੇ ਵਿਸ਼ੇਸ਼ ਸਨਮਾਨ ਕੀਤਾ ਜਾਂਦਾ ਹੈ, ਤਾਂ ਜੋ ਉਹਨਾਂ ਨੂੰ ਦੇਖ ਕੇ ਹੋਰਨਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰੇਰਨਾ ਮਿਲ ਸਕੇ ਤੇ ਉਹ ਵੀ ਬਕਾਇਦਾ ਜਿੰਮੇਵਾਰੀ ਨਾਲ ਇਸੇ ਤਰਾਂ ਕੰਮ ਕਰਨ।
ਉਹਨਾਂ ਆਖਿਆ ਕਿ ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਹਰ ਨਾਗਰਿਕ ਨੂੰ ਸਰਕਾਰੀ ਦਫਤਰਾਂ ਵਿੱਚੋਂ ਜਲੀਲ ਹੋਣ ਤੋਂ ਬਚਾਉਣ ਅਤੇ ਉਹਨਾ ਦੇ ਸਮੇਂ ਜਾਂ ਪੈਸੇ ਦੀ ਬਰਬਾਦੀ ਰੋਕਣ ਲਈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਪਹਿਲ ਦੇ ਆਧਾਰ ’ਤੇ ਸਖਤ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਆਖਿਆ ਕਿ ਸਰਕਾਰ ਅਤੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਨਾਲ ਆਮ ਲੋਕਾਂ ਦੀ ਨੇੜਤਾ ਬਣਾਉਣ ਦੇ ਮਕਸਦ ਨਾਲ ਹੀ ‘ਸਰਕਾਰ ਤੁਹਾਡੇ ਦੁਆਰ’ ਪੋਗਰਾਮ ਸ਼ੁਰੂਆਤ ਕੀਤੀ ਗਈ ਹੈ, ਭਾਵੇਂ ਉਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਪਰ ਇਸ ਸਬੰਧੀ ਆਮ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਕਿਉਂਕਿ ਸਰਕਾਰ ਤੁਹਾਡੇ ਦੁਆਰ ਪੋਗਰਾਮ ਤਹਿਤ ਹਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਖੁਦ ਪਹੁੰਚਦੇ ਹਨ, ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਸੁਣੀਆਂ ਜਾਂਦੀਆਂ ਹਨ । ਉਹਨਾਂ ਆਖਿਆ ਕਿ ਅਜਿਹੇ ਪੋ੍ਰਗਰਾਮਾਂ ਦਾ ਲਾਭ ਲੈਣ ਲਈ ਸਾਰਿਆਂ ਨੂੰ ਪਹੰੁਚਣਾ ਚਾਹੀਦਾ ਹੈ, ਕਿਉਂਕਿ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਵਿੱਚ ਹਰ ਤਰਾਂ ਦੀ ਸਿਆਸੀ ਪਾਰਟੀਬਾਜੀ ਅਤੇ ਵਿਤਕਰੇਬਾਜੀ ਤੋਂ ਉੱਪਰ ਉੱਠ ਕੇ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ, ਕਿਸੇ ਨਾਲ ਵਿਤਕਰੇਬਾਜੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਸਮੇਤ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਜਗਤਾਰ ਸਿੰਘ ਜੱਗਾ ਖਾਰਾ, ਮਿੱਠੂ ਅਗਰਵਾਲ, ਮਨਜਿੰਦਰ ਸਿੰਘ ਗੋਪੀ, ਦੀਪਕ ਮੌਂਗਾ ਆਦਿ ਸਮੇਤ ਵੱਖ ਵੱਖ ਪਿੰਡਾਂ ਦੇ ਪੰਚ-ਸਰਪੰਚ, ਸ਼ਹਿਰ ਦੇ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜਰ ਸਨ।