ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ,ਨਹਿਰੂ ਯੁਵਾ ਕੇਂਦਰ ਵਲੋਂ ਮੇਰੀ ਮਿੱਟੀ, ਮੇਰਾ ਦੇਸ਼ ਮੁਹਿੰਮ ਤਹਿਤ ਕੱਢੀ ਗਈ ਅੰਮ੍ਰਿਤ ਕਲਸ਼ ਯਾਤਰਾ
ਲੁਧਿਆਣਾ, 21 ਸਤੰਬਰ (ਮਨਪ੍ਰੀਤ ਸਿੰਘ ਅਰੋੜਾ) ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ “ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ”ਤਹਿਤ ਸਾਰੇ ਜ਼ਿਲ੍ਹਿਆਂ ਵਿੱਚ ਅੰਮ੍ਰਿਤ ਕਲਸ਼ ਯਾਤਰਾ ਕੱਢੀ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਨਹਿਰੂ ਯੁਵਾ ਕੇਂਦਰ ਲੁਧਿਆਣਾ ਦੀ ਜ਼ਿਲ੍ਹਾ ਯੂਥ ਅਫ਼ਸਰ ਰਸ਼ਮੀਤ ਕੌਰ ਦੀ ਅਗਵਾਈ ਹੇਠ ਯੂਥ ਕਲੱਬ ਅਤੇ ਨੈਸ਼ਨਲ ਯੂਥ ਵਲੰਟੀਅਰਾਂ ਦੇ ਸਹਿਯੋਗ ਨਾਲ ‘ਮੇਰੀ ਮਿੱਟੀ ਮੇਰਾ ਦੇਸ਼’ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਅੰਮ੍ਰਿਤ ਕਲਸ਼ ਯਾਤਰਾ ਕੱਢੀ ਜਾ ਰਹੀ ਹੈ। ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਹਰ ਗ੍ਰਾਮ ਪੰਚਾਇਤ ਵਿੱਚ ਰੁੱਖ ਲਗਾਏ ਗਏ ਅਤੇ ਹੁਣ ਦੂਜੇ ਪੜਾਅ ਵਿੱਚ ਕਲਸ਼ ਵਿੱਚ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ।
ਇਸ ਨੂੰ ਪਹਿਲਾਂ ਪਿੰਡ ਪੱਧਰ ਅਤੇ ਫਿਰ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਇਕੱਠਾ ਕੀਤਾ ਜਾਵੇਗਾ। ਇਸ ਤੋਂ ਬਾਅਦ ਇਹ ਮਿੱਟੀ ਦਿੱਲੀ ਭੇਜੀ ਜਾਵੇਗੀ ਜਿੱਥੇ ਦੇਸ਼ ਭਰ ਤੋਂ ਮਿੱਟੀ ਮਿਲਾ ਕੇ ਅੰਮ੍ਰਿਤ ਵਾਟਿਕਾ ਦਾ ਨਿਰਮਾਣ ਕੀਤਾ ਜਾਣਾ ਹੈ। ਅੰਮ੍ਰਿਤ ਵਾਟਿਕਾ ਦਾ ਨਿਰਮਾਣ ਉਨ੍ਹਾਂ ਨਾਇਕਾਂ ਨੂੰ ਯਾਦ ਕਰੇਗਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰੇਗਾ ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੁਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਮੌਕੇ ਨੈਸ਼ਨਲ ਯੂਥ ਵਲੰਟੀਅਰਾਂ ਨੇ ਅੰਮ੍ਰਿਤ ਕਲਸ਼ ਯਾਤਰਾ ਕੱਢੀ ਅਤੇ ਕਲਸ਼ ਵਿੱਚ ਮਿੱਟੀ ਇਕੱਠੀ ਕੀਤੀ।