ਆਈ.ਏ.ਐਸ. ਸੰਦੀਪ ਰਿਸ਼ੀ ਨੇ ਨਗਰ ਨਿਗਮ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ; ਵਸਨੀਕਾਂ ਨੂੰ ਸਥਾਈ ਵਿਕਾਸ ਲਈ ਨਗਰ ਨਿਗਮ ਦਾ ਸਮਰਥਨ ਕਰਨ ਦੀ ਕੀਤੀ ਅਪੀਲ
ਲੁਧਿਆਣਾ, 25 ਅਗਸਤ(ਮਨਪ੍ਰੀਤ ਸਿੰਘ ਅਰੋੜਾ) 2015 ਬੈਚ ਦੇ ਆਈ.ਏ.ਐਸ. ਅਧਿਕਾਰੀ ਸੰਦੀਪ ਰਿਸ਼ੀ ਨੇ ਸ਼ੁੱਕਰਵਾਰ ਨੂੰ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਦਾ ਅਹੁਦਾ ਸੰਭਾਲਿਆ।
ਸੰਦੀਪ ਰਿਸ਼ੀ ਨੇ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲਦਿਆਂ ਵਧੀਕ ਕਮਿਸ਼ਨਰ, ਸੰਯੁਕਤ ਕਮਿਸ਼ਨਰਜ਼, ਜ਼ੋਨਲ ਕਮਿਸ਼ਨਰਜ਼, ਨਿਗਰਾਨ ਇੰਜਨੀਅਰਾਂ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
2012 ਬੈਚ ਦੇ ਪੀ.ਸੀ.ਐਸ. ਅਧਿਕਾਰੀ ਪਰਮਦੀਪ ਸਿੰਘ ਨੇ ਵੀ ਸ਼ੁੱਕਰਵਾਰ ਨੂੰ ਲੁਧਿਆਣਾ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਦਾ ਅਹੁਦਾ ਸੰਭਾਲਿਆ।
ਅਹੁਦਾ ਸੰਭਾਲਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਪਾਰਦਰਸ਼ੀ ਪ੍ਰਸ਼ਾਸਨ, ਸ਼ਹਿਰੀ ਸਹੂਲਤਾਂ ਵਿੱਚ ਸੁਧਾਰ, ਸਾਲਿਡ ਵੇਸਟ ਮੈਨੇਜਮੈਂਟ, ਬੁੱਢੇ ਨਾਲੇ ਦੀ ਪੁਨਰ ਸੁਰਜੀਤੀ, ਮਾਲੀਆ ਪੈਦਾ ਕਰਨਾ, ਸਮਾਰਟ ਸਿਟੀ ਮਿਸ਼ਨ, ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣਾ ਆਦਿ ਉਨ੍ਹਾਂ ਦੇ ਤਰਜੀਹੀ ਖੇਤਰਾਂ ਵਿੱਚ ਸ਼ਾਮਲ ਹੋਣਗੇ। ਸੂਬੇ ਦੇ ਉਦਯੋਗਿਕ ਹੱਬ ਵਿੱਚ ਹਰਿਆਲੀ ਵਧਾਉਣ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਨਗਰ ਨਿਗਮ ਦਾ ਸਮਰਥਨ ਕਰਨ, ਤਾਂ ਜੋ ਟਿਕਾਊ ਵਿਕਾਸ ਲਈ ਸਾਂਝੇ ਯਤਨ ਕੀਤੇ ਜਾ ਸਕਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਕੂੜੇ ਦੇ ਪ੍ਰਬੰਧਨ ਵਿੱਚ ਅਧਿਕਾਰੀਆਂ ਦਾ ਸਹਿਯੋਗ ਕਰਨ ਅਤੇ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਅਤੇ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਬੰਦ ਕਰਨ।